ਅਮਰੀਕਾ ਦੀ ਇੰਡੀਆਨਾ ਵਿਧਾਨ ਸਭਾ ‘ਚ ਸਿੱਖਾਂ ਦੇ ਯੋਗਦਾਨ ਸਬੰਧੀ ‘ਪ੍ਰਸੰਸਾ ਮਤਾ’ ਪਾਸ
ਅਮਰੀਕਾ ‘ਚ ਇੰਡੀਆਨਾ ਸੂਬੇ ਦੀ ਵਿਧਾਨ ਸਭਾ ਦੇ ਦੋਵੇਂ ਸਦਨਾਂ ਵਿਚ ਸਿੱਖਾਂ ਲਈ ਪ੍ਰਸੰਸਾ ਮਤਾ ਪਾਸ ਕਰ ਦਿੱਤਾ ਹੈ। ਇੰਡੀਆਨਾਪੋਲਿਸ-ਅਮਰੀਕਾ ‘ਚ ਇੰਡੀਆਨਾ ਸੂਬੇ ਦੀ ਵਿਧਾਨ ਸਭਾ ਵੱਲੋਂ ਅਮਰੀਕੀ ਸਿੱਖਾਂ ਵਲੋਂ ਅਮਰੀਕਾ ‘ਚ ਪਾਏ ਮਹੱਤਵਪੂਰਨ ਯੋਗਦਾਨ ਦੇ ਕਾਰਨ ਇਹ ਮਤਾ ਪਾਸ ਕੀਤਾ ਗਿਆ ਹੈ। ਇਹ ਸਿੱਖਾਂ ਦੇ ਲਈ ਬੜੇ ਮਾਣ ਵਾਲੀ ਗੱਲ ਹੈ।ਕਿਉਂਕਿ ਇੰਡੀਆਨਾ ਦੇ ਪ੍ਰਤੀਨਿਧੀ ਸਦਨ ਦੀ ਕਾਰਵਾਈ ਦੀ ਸ਼ੁਰੂਆਤ ਸਿੱਖਜ਼ ਪੋਲੀਟੀਕਲ ਐਕਸ਼ਨ ਕਮੇਟੀ ਦੇ ਪ੍ਰਧਾਨ ਅਤੇ ਸੰਸਥਾਪਕ ਗੁਰਿੰਦਰ ਸਿੰਘ ਖ਼ਾਲਸਾ ਵਲੋਂ ਕੀਤੀ ਗਈ ਅਰਦਾਸ ਨਾਲ ਹੋਈ।
ਵਿਧਾਨ ਸਭਾ ‘ਚ ਪ੍ਰਸੰਸਾ ਮਤਾ ਪਾਸ ਹੋਣ ਦੇ ਨਾਲ ਅਮਰੀਕਾ ਦੇ ਵਿੱਚ ਸਿੱੱਖਾਂ ਦੇ ਮਾਣ ਵਿੱਚ ਵਾਧਾ ਹੋਇਆ ਹੈ ਅਤੇ ਇਸ ਨਾਲ ਅਮਰੀਕਾ ਦੇ ਵਿੱਚ ਸਿੱਖਾਂ ਦਾ ਕੱਦ ਵੀ ਵਧਿਆ ਹੈ। ਵਿਧਾਨ ਸਭਾ ‘ਚ ਪ੍ਰਸੰਸਾ ਮਤਾ ਪਾਸ ਹੋਣ ਸਮੇਂ ਦੱਸਿਆ ਗਿਆ ਹੈ ਕਿ ਸਿੱਖਾਂ ਨੇ ਅਮਰੀਕਾ ‘ਚ ਸਰਕਾਰ ਦੇ ਸਥਾਨਕ, ਸੂਬਾ ਤੇ ਸੰਘੀ ਪੱਧਰ ‘ਤੇ ਸੇਵਾ ਕੀਤੀ ਹੈ।ਭਾਈਚਾਰੇ ਨੇ ਦੇਸ਼, ਸੂਬਿਆਂ ਤੇ ਭਾਈਚਾਰਿਆਂ ਦੀ ਸੇਵਾ ‘ਚ ਅਹਿਮ ਯੋਗਦਾਨ ਪਾਇਆ ਹੈ ਤੇ ਪਾ ਰਹੇ ਹਨ।
ਇਸ ਮੌਕੇ ਸਪੀਕਰ ਬ੍ਰਾਇਨ ਬੋਸਾ ਤੇ ਪ੍ਰਤੀਨਿਧ ਸਿੰਡੀ ਕਿਰਖੋਫ਼ਰ ਨੇ ਕਿਹਾ ਕਿ ਸਿੱਖ ਭਾਈਚਾਰਾ ਨੇ ਪੂਰੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਸੂਬੇ ਤੇ ਦੇਸ਼ ‘ਚ ਅਹਿਮ ਯੋਗਦਾਨ ਪਾਇਆ ਹੈ ਅਤੇ ਹੁਣ ਵੀ ਇਹ ਦੇਸ਼ ਦੇ ਵਿਕਾਸ ਦੇ ਵਿੱਚ ਯੋਗਦਾਨ ਪਾ ਰਿਹਾ। ਵਿਧਾਨ ਸਭਾ ‘ਚ ਪੇਸ਼ ਕੀਤੇ ਗਏ ਇਸ ਮਤਾ ‘ਚ ਦੱਸਿਆ ਗਿਆ ਕਿ ਸਿੱਖ ਸੰਯੁਕਤ ਰਾਜ ਵਿਚ ਸੁਰੱਖਿਆ ਬਲਾਂ ਦੇ ਦੇਸ਼ ਭਗਤ ਮੈਂਬਰਾਂ ਦੇ ਰੂਪ ‘ਚ ਧਾਰਮਿਕ ਸੁਤੰਤਰਤਾ ਹਾਸਲ ਕਰਨ ਵੱਲ ਕਦਮ ਵਧਾ ਰਹੇ ਹਨ।
ਇੱਥੇ 10,000 ਦੇ ਕਰੀਬ ਸਿੱਖਾਂ ਦੀ ਜਨਸੰਖਿਆ ਹੈ ਜਿਨ੍ਹਾਂ ‘ਚੋਂ ਸੂਬੇ ‘ਚ ਕਰੀਬ 3,500 ਸਿੱਖਾਂ ਦੇ ਆਪਣੇ ਕਾਰੋਬਾਰ ਹਨ। ਅਮਰੀਕਾ ‘ਚ ਸਿੱਖਾਂ ਨੇ ਕਿਸਾਨਾਂ, ਇੰਜੀਨੀਅਰਾਂ, ਡਾਕਟਰਾਂ, ਵਿਗਿਆਨੀਆਂ ਤੇ ਕਾਰੋਬਾਰੀਆਂ ਦੇ ਰੂਪ ‘ਚ ਇੱਥੋਂ ਦੀ ਅਰਥਵਿਵਸਥਾ ‘ਚ ਅਹਿਮ ਯੋਗਦਾਨ ਪਾਇਆ। ਜਿਸ ਦੇ ਕਾਰਨ ਇੰਡੀਆਨਾਪੋਲਿਸ-ਅਮਰੀਕਾ ‘ਚ ਇੰਡੀਆਨਾ ਸੂਬੇ ਦੀ ਵਿਧਾਨ ਸਭਾਂ ਵੱਲੋਂ ਅਮਰੀਕੀ ਸਿੱਖਾਂ ਵਲੋਂ ਅਮਰੀਕਾ ‘ਚ ਪਾਏ ਮਹੱਤਵਪੂਰਨ ਯੋਗਦਾਨ ‘ਤੇ ਇਹ ਮਤਾ ਪਾਸ ਕੀਤਾ ਗਿਆ ਹੈ।