ਕੀ ਤਹਾਨੂੰ ਪਤਾ ਬੀਬੀਆਂ ਪੰਜ ਪਿਆਰਿਆਂ ਵਾਂਗ ਅੰਮ੍ਰਿਤ ਕਿਉਂ ਨਹੀ ਛਕਾ ਸਕਦੀਆਂ ? ਹਰ ਸਿੱਖ ਵੀਰ ਜਰੂਰ ਪੜੇ ਅਤੇ ਸ਼ੇਅਰ ਕਰੇ..

Religion

Share

ਕੁਜ ਪ੍ਰਚਾਰਕ ਕਹਿੰਦੇ ਹਨ ਕਿ “ਸੋ ਕਿਉ ਮੰਦਾ ਆਖੀਐ ਜਿਤਿ ਜੰਮੈ ਰਾਜਾਨ”(ਆਸਾ ਕੀ ਵਾਰ) ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਸਿੰਘਣੀਆਂ ਵੀ ਸ਼ਾਮਲ ਹੋ ਸਕਦੀਆਂ ਹਨ, ਪਰ ਸੰਤ ਭਿੰਡਰਾਂਵਾਲੇ ਇਸ ਸਬੰਧੀ ਕੀ ਕਹਿੰਦੇ ਹਨ ਸੁਣੋ..

ਗੁਰਮਤਿ (ਸਿੱਖ ਧਰਮ) ਦੇ ਸਿਧਾਂਤ “ਏਕ ਪਿਤਾ ਏਕਸ ਹਮ ਬਾਰਿਕ” (੬੧੧) ਭਾਵ ਸਾਡਾ ਸਭ ਦਾ ਪਿਤਾ ਇੱਕ ਹੈ ਅਤੇ ਅਸੀਂ ਸਭ ਉਸ ਪ੍ਰਮਾਤਮਾਂ ਦੇ ਬੱਚੇ ਬੱਚੀਆਂ ਹਾਂ ਅਤੇ ਇਸਤ੍ਰੀ ਤੇ ਮਰਦ ਦੋਵੇਂ ਪੰਜਾਂ ਤੱਤਾਂ ਤੋਂ ਪੈਦਾ ਹੋਏ ਹਾਂ ਇਸ ਫੈਂਸਲੇ ਨੂੰ ਮੰਨ ਕੇ ਗੁਰੂ ਸਾਹਿਬਾਨ ਤੇ ਸਿੱਖ ਰਹਿਤ ਮਰਯਾਦਾ ਦਾ ਮਾਨ ਸਨਮਾਨ ਕਰਦੇ ਹੋਏ, ਸਾਨੂੰ ਫਕਰ ਕਰਨਾਂ ਚਾਹੀਦਾ ਹੈ ਕਿ ਇਸ ਮਨੁੱਖੀ ਬਰਾਬਰਤਾ ਭਾਵ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਹੱਕ ਕੇਵਲ ਤੇ ਕੇਵਲ ਸਿੱਖ ਧਰਮ ਦੇ ਰਹਿਬਰ ਗੁਰੂ ਬਾਬਾ ਨਾਨਕ ਜੀ ਨੇ ਹੀ ਦਿੱਤਾ ਹੈ ਹੋਰ ਕਿਸੇ ਧਰਮ ਦੇ ਰਹਿਬਰ ਨੇ ਨਹੀਂ। ਅੱਜ ਜੋ ਵੀ ਸ਼ਖਸ਼ ਇਸ ਦਾ ਵਿਰੋਧ ਕਰਦਾ ਹੈ,

ਉਹ ਵਾਹਿਗੁਰੂ ਪ੍ਰਮਾਤਮਾਂ ਦੇ ਹੁਕਮ ਤੋਂ ਤਾਂ ਮਨੁੱਕਰ ਹੁੰਦਾ ਹੀ ਹੈ ਸਗੋਂ ਆਪਣੀ ਮਾਂ, ਭੈਣ, ਧੀ, ਸੁਪਤਨੀ ਨੂੰ ਵੀ ਪੂਰੇ ਹੱਕ ਦੇਣ ਲਈ ਤਿਆਰ ਨਹੀਂ।ਜਰਾ ਧਿਆਨ ਦਿਉ! ਜਿਸ ਮਾਂ ਨੇ ਪੈਦਾ ਕੀਤਾ ਹੈ ਉਹ ਬਰਾਬਰ ਦੀ ਹੱਕਦਾਰ ਕਿਉਂ ਨਹੀਂ? ਮਾਂ ਵੱਡੀ ਹੈ ਜਾਂ ਪੁੱਤਰ? ਜੋ ਕਹਿੰਦੇ ਹਨ ਕਿ ਬੀਬੀਆਂ ਪੰਜ ਪਿਆਰੇ ਸਾਜਣ ਵੇਲੇ ਉੱਠ ਕੇ ਨਹੀਂ ਆਈਆਂ, ਉਨ੍ਹਾਂ ਨੇ ਕਦੇ ਇਹ ਇਤਿਹਾਸ ਪੜਿਆ ਹੈ ਕਿ ਸਦੀਆਂ ਤੋਂ ਲਤਾੜੀ ਜਾ ਰਹੀ ਔਰਤ ਉੱਪਰ ਉਸ ਵੇਲੇ ਵੀ ਅਜੇ ਬ੍ਰਾਹਮਣਇਜ਼ਮ ਤੇ ਇਸਲਾਮਇਜ਼ਮ ਦੇ ਦਬਾਅ ਵਾਲਾ ਪ੍ਰਭਾਵ ਸੀ ਅਤੇ ਜੰਗ ਦਾ ਸਮਾਂ ਹੋਣ ਕਰਕੇ ਬਹੁਤੀਆਂ ਬੀਬੀਆਂ ਓਥੇ ਹਾਜ਼ਰ ਨਹੀਂ ਸਨ। ਫਿਰ ਵੀ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ ਮਾਤਾ ਜੀਤੋ ਪਤਾਸੇ ਪਾ ਕੇ ਬਰਾਬਰ ਸੇਵਾ ਕਰ ਰਹੇ ਸਨ।

ਅੱਜ ਦੀ ਇੱਕਵੀਂ ਸਦੀ ਵਿੱਚ ਔਰਤ ਪੜ੍ਹ ਲਿਖ ਗਈ ਹੈ ਅਤੇ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ। ਜਿਵੇਂ ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਭਾਨੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰੀ ਜੀ, ਮਾਤਾ ਜੀਤੋ ਜੀ, ਮਾਈ ਭਾਗੋ ਜੀ, ਬੀਬੀ ਸ਼ਰਨ ਕੌਰ ਜੀ, ਬੀਬੀ ਰਾਜ ਕੌਰ ਜੀ, ਮਹਾਂਰਾਣੀ (ਜਿੰਦਾਂ) ਜਿੰਦ ਕੌਰ ਜੀ ਆਦਿਕ ਨੇ ਪੁਰਾਤਨ ਸਮੇਂ ਪੰਥਕ ਸੇਵਾ ਕੀਤੀ ਅਤੇ ਵਕਤੀਆ ਜ਼ਾਲਮ ਮੁਗਲ ਸਰਕਾਰ ਨਾਲ ਲੋਹਾ ਲੈਂਦੀਆਂ ਹੋਈਆਂ ਅਨੇਕਾਂ ਸਿੰਘਣੀਆਂ, ਜਿਨ੍ਹਾਂ ਦੇ ਸਾਹਣੇ ਜ਼ਾਲਮਾਂ ਨੇ ਬੱਚਿਆਂ ਦੇ ਟੋਟੇ-ਟੋਟੇ ਕਰਕੇ ਬੀਬੀਆਂ ਦੇ ਗਲਾਂ ਚ’ ਹਾਰ ਬਣਾ ਪਾਏ। ਸਿਦਕਵਾਨ ਬਹਾਦਰ ਸਿੰਘਣੀਆਂ ਧਰਮ ਨਹੀਂ ਹਾਰਿਆ ਸਗੋਂ ਪਿਆਰੇ ਪੰਥ ਤੋਂ ਆਪਾ ਵਾਰਿਆ। ਅੱਜ ਦੇ ਸਮੇਂ ਵੀ ਬੀਬੀ ਬਿਮਲ ਕੌਰ ਖ਼ਾਲਸਾ ਵਰਗੀਆਂ ਅਨੇਕਾਂ ਬੀਬੀਆਂ ਪੰਥ ਦੀ ਸੇਵਾ ਕਰ ਗਈਆਂ ਤੇ ਅਨੇਕਾਂ ਅੱਜ ਵੀ ਮਿਸ਼ਨਰੀ ਕਾਲਜਾਂ ਤੇ ਕੁਝ ਹੋਰ ਪੰਥ ਦਰਦੀ ਸਭਾ ਸੁਸਾਇਟੀਆਂ ਨਾਲ ਅੰਮ੍ਰਿਤ ਸੰਚਾਰ ਅਤੇ ਕੀਰਤਨ ਦੀ ਵੀ ਸੇਵਾ ਕਰ ਰਹੀਆਂ ਹਨ।

ਅੱਜ ਅਨੇਕਾਂ ਸਭਾ ਸੁਸਾਇਟੀਆਂ ਦੀਆਂ ਮੁਖੀ ਵੀ ਹਨ ਜਿਵੇਂ ਸ੍ਰੋਮਣੀ ਕਮੇਟੀ ਅੰਮ੍ਰਿਤਸਰ, ਪਿੰਗਲਵਾੜਾ ਭਗਤ ਪੂਰਨ ਸਿੰਘ ਤੇ ਸੁਖਮਨੀ ਸਾਹਿਬ ਸੁਸਾਇਟੀਆਂ ਆਦਿਕ। ਪੰਥ ਦਾ ਫਰਜ਼ ਬਣਦਾ ਹੈ ਅੱਜ ਸਦੀਆਂ ਤੋਂ ਲਤਾੜੀ, ਪਛਾੜੀ ਤੇ ਦੁਰਕਾਰੀ ਹੋਈ ਔਰਤ ਨੂੰ ਮਨੁੱਖੀ ਬਰਾਬਰਤਾ ਦਾ ਹੱਕ ਦੇ ਕੇ, ਵਾਹਿਗੁਰੂ ਅਕਾਲ ਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੋਇਆ ਸੰਸਾਰ ਨੂੰ ਇੱਕ ਸਹੀ ਨਮੂੰਨਾ ਬਣ ਕੇ ਦਿਖਾਵੇ। ਜਰਾ ਸੋਚੋ! ਜੇ ਬੀਬੀਆਂ ਕੀਰਤਨ ਸਿੱਖ ਸਕਦੀਆਂ ਹਨ ਤਾਂ ਉਹ ਕੀਰਤਨ ਕਰ ਵੀ ਸਕਦੀਆਂ ਹਨ। ਜੇ ਅੰਮ੍ਰਿਤ ਛੱਕ ਸਕਦੀਆਂ ਹਨ ਤਾਂ ਛਕਾ ਵੀ ਸਕਦੀਆਂ ਹਨ ਕਿਉਕਿ ਉਹ ਹੁਣ ਖ਼ਾਲਸਾ ਪੰਥ ਦੀਆਂ ਮੈਂਬਰ ਹਨ। ਗੁਰੂ ਜੀ ਨੇ ਖੰਡੇ ਦੀ ਪਾਹੁਲ ਲੈਣ ਵਾਲੇ ਇਸਤਰੀ ਤੇ ਮਰਦ ਦੋਨਾਂ ਨੂੰ ਖ਼ਾਲਸਾ ਸ਼ਬਦ ਨਾਲ ਸੰਬੋਧਨ ਕੀਤਾ ਹੈ ਅਤੇ ਔਰਤ ਨੂੰ ਖ਼ਾਲਸੀ ਨਹੀਂ ਕਿਹਾ ਸਗੋਂ ਖ਼ਾਲਸਾ ਕਹਿ ਕੇ ਬਰਾਬਰਤਾ ਦਿੱਤੀ ਹੈ।

ਸਾਨੂੰ ਵੀ ਲਿੰਗ-ਭੇਦ ਤੋਂ ਉੱਪਰ ਉੱਠ ਕੇ ਧਾਰਮਿਕ, ਸਮਾਜਿਕ ਤੇ ਆਰਥਿਕ ਬਰਾਬਰਤਾ ਜੋ ਵਾਹਿਗੁਰੂ ਨੇ ਪਹਿਲਾਂ ਹੀ ਦਿੱਤੀ ਹੋਈ ਹੈ ਨੂੰ ਸਵੀਕਾਰ ਕਰਨਾਂ ਚਾਹੀਦਾ ਹੈ ਨਾਂ ਕਿ ਅੰਨ੍ਹੇ ਵਾਹ ਡੇਰੇਦਾਰ ਸਾਧ ਅਤੇ ਸੰਪਰਦਾਵਾਂ ਦੇ ਮਗਰ ਲੱਗਣਾ ਚਾਹੀਦਾ ਹੈ (ਜੋ ਬੀਬੀਆਂ ਤੋਂ ਮੁੱਠੀ ਚਾਪੀ ਕਰਾਉਂਦੇ ਤਾਂ ਥੱਕਦੇ ਨਹੀਂ ਪਰ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਬੀਬੀ ਉਨ੍ਹਾਂ ਨੂੰ ਟੱਚ ਕਰ ਜਾਵੇ ਤਾਂ ਉਨ੍ਹਾਂ ਦਾ ਜਤ ਭੰਗ ਹੁੰਦਾ ਹੈ) ਜੋ ਸਿੱਖ ਧਰਮ ਨੂੰ ਬ੍ਰਾਹਮਣੀ ਕਰਮ ਕਾਂਡਾਂ ਵਿੱਚ ਰਲ-ਗਡ ਕਰੀ ਜਾ ਰਹੇ ਹਨ, ਜਿਸ ਦਾ ਪ੍ਰਤੱਖ ਸਬੂਤ ਇਹ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਡੇਰਿਆਂ, ਸੰਪਰਦਾਵਾਂ ਵਿੱਚ ਲਾਗੂ ਨਹੀਂ ਕਰਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰਨਾਂ ਗ੍ਰੰਥਾਂ ਦਾ ਵੀ ਪ੍ਰਕਾਸ਼ ਕਰਦੇ ਹਨ।

ਗੁਰਬਾਣੀ ਨਾਲ ਜੋੜਨ ਦੀ ਬਜਾਏ ਸਿੱਖ ਜਗਤ ਨੂੰ ਬ੍ਰਾਹਮਣੀ ਕਥਾ ਕਹਾਣੀਆਂ ਜੋ ਮਿਥਿਹਾਸਕ ਹਨ ਨਾਲ ਜੋੜ ਰਹੇ ਹਨ। ਇਹੋ ਕਾਰਨ ਹੈ ਕਿ ਅੱਜ ਅਸੀਂ ਬਹੁਤੇ ਗੁਰਦੁਆਰਿਆਂ ਵਿੱਚ ਵੀ ਬ੍ਰਾਹਮਣੀ ਕਰਮ ਕਾਂਡ ਕੂੰਭ, ਨਾਰੀਅਲ, ਜੋਤਾਂ, ਘੜੇ, ਮੌਲੀਆਂ, ਮੱਸਿਆ, ਪੁੰਨਿਆਂ ਅਤੇ ਸੰਗ੍ਰਾਂਦਾਂ ਹੀ ਮਨਾਈ ਜਾ ਰਹੇ ਹਾਂ। ਰਹਿਰਾਸ ਬਾਣੀ ਵਿੱਚ ਵੀ ਪੁੰਨ ਰਾਛਸ ਕਾ ਕਾਟਾ ਸੀਸਾ, ਅੜਿਲ-ਚਾਰ ਸੌ ਪਾਂਚ ਚਰਿਤ੍ਰ ਸਮਾਪਤ ਮਸਤ ਅਤੇ ਰਾਮ ਕਥਾ ਜੁਗ ਜੁਗ ਅਟੱਲ ਹੀ ਪੜ੍ਹੀ-ਪੜ੍ਹਾਈ ਜਾ ਰਹੇ ਹਾਂ ਜਿਨ੍ਹਾਂ ਦਾ ਸਿੱਖ ਧਰਮ ਨਾਲ ਉਕਾ ਹੀ ਸਬੰਧ ਨਹੀਂ ਜੋ ਹਿੰਦੂ ਮਤ ਦੇ ਤਿਉਹਾਰ, ਕਰਮ ਕਾਂਡ ਅਤੇ ਸਿਧਾਂਤ ਹਨ।

ਹਿੰਦੂ ਧਰਮ ਗ੍ਰੰਥਾਂ ਅਤੇ ਸਮਾਜ ਵਿੱਚ ਤਾਂ ਔਰਤ ਪੈਰ ਦੀ ਜੁੱਤੀ ਬਰਾਬਰ ਮੰਨੀ ਗਈ ਹੈ। ਤੁਲਸੀ ਦਾਸ ਲਿਖਦੇ ਹਨ-ਢੋਲ ਗਵਾਰ ਸ਼ੂਦਰ ਪਛ ਨਾਰੀ। ਜਿਹ ਸਭ ਤਾੜਨ ਕੇ ਅਧਿਕਾਰੀ। ਪਰ ਗੁਰਮਤਿ ਵਿੱਚ-ਅਰਧ ਸਰੀਰੀ ਮੋਖ ਦੁਆਰੀ (ਭਾ. ਗੁ.) ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ (ਗੁਰੂ ਨਾਨਕ) ਅਤੇ ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ (ਗੁਰੂ ਗ੍ਰੰਥ) ਭਾਵ ਪੁਰਖ ਅੰਦਰ ਨਾਰ ਬਿਰਤੀ ਤੇ ਨਾਰ ਅੰਦਰ ਪੁਰਖ ਬਿਰਤੀ ਬਰਾਬਰ ਪ੍ਰਵਾਣਿਤ ਹੈ। ਸੋ ਜੇ ਅਸੀਂ ਸਾਰੇ ਕੇਵਲ ਗੂਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਚੱਲੀਏ ਤਾਂ ਔਰਤ ਮਰਦ ਦੋਨੋਂ ਬਰਾਬਰ ਸੇਵਾ ਕਰਨ ਦੇ ਹੱਕਦਾਰ ਹਨ।ਇਸ ਬਾਰੇ ਬਾਹਰੀ ਰਚਨਾਵਾਂ ਹੀ ਪਾੜਾ ਪਾਉਂਦੀਆਂ ਹਨ ਜਿਨ੍ਹਾਂ ਤੋਂ ਖਹਿੜਾ ਛੁਡਾਈਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜੁਗੋ-ਜੁਗ ਅਟੱਲ ਸਿਧਾਂਤ ਨੂੰ ਅਪਣਾਈਏ। ਮਨੁੱਖਤਾ ਪ੍ਰਤੀ ਪ੍ਰੋਹਤ ਜਮਾਤ ਵਲੋਂ ਪਾਏ ਗਏ ਸ਼ੰਕੇ ਮਿਟਾਈਏ।

ਜੋ ਵੀਰ ਕਹਿੰਦੇ ਹਨ ਕਿ ਸਭ ਕੁਝ ਪੁਰਾਤਨ ਹੀ ਹੋਣਾ ਚਾਹੀਦਾ ਹੈ ਉਹ ਨਵੀਨ ਕਿਉਂ ਕਰ ਰਹੇ ਹਨ ਜਿਵੇਂ ਪੁਰਾਣੇ ਸਮੇਂ ਤਾਂ ਆਵਾਜਾਈ ਦੇ ਸਾਧਨ ਘੌੜ ਸਵਾਰੀ ਤੇ ਬੈਲ ਗੱਡੀਆਂ ਆਦਿਕ ਸਨ ਫਿਰ ਅੱਜ ਅਸੀਂ ਸਕੂਟਰ, ਕਾਰਾਂ-ਬੱਸਾਂ ਅਤੇ ਹਵਾਈ ਜਹਾਜ਼ ਕਿਉਂ ਵਰਤਦੇ ਹਾਂ? ਉਸ ਵੇਲੇ ਤਾਂ ਲੰਗਰ ਲੱਕੜਾਂ ਤੇ ਮੋਹੜੇ ਬਾਲ ਕੇ ਜਮੀਨ ਚ’ ਹੀ ਟੋਆ ਪੱਟ, ਲੋਹਾਂ ਉੱਪਰ ਪਕਾਇਆ ਜਾਂਦਾ ਸੀ ਫਿਰ ਅੱਜ ਗੈਸਾਂ ਵਾਲੇ ਚੁੱਲਿਆਂ ਤੇ ਕਿਉਂ ਬਣਾ ਰਹੇ ਹਾਂ? ਉਸ ਵੇਲੇ ਦਾ ਪਹਿਰਾਵਾ ਕੁੜਤਾ ਪੰਜਾਮਾਂ ਜਾਂ ਚੋਲਾ ਕਛਹਿਰਾ ਸੀ ਅੱਜ ਅਸੀਂ ਪੈਂਟਾਂ ਕਮੀਜ਼ਾਂ ਕਿਉਂ ਪਾ ਰਹੇ ਹਾਂ? ਉਸ ਵੇਲੇ ਕੱਚੇ ਮਿੱਟੀ ਗਾਰੇ ਦੇ ਬਣੇ ਘਰਾਂ ਤੇ ਕਾਨਿਆਂ ਦੀਆਂ ਛੰਨਾਂ ਵਿੱਚ ਰਹਿੰਦੇ ਸੀ ਅੱਜ ਪੱਕੇ ਸੀਮਿੰਟ ਤੇ ਸੰਗਮਰਮਰ ਦੇ ਘਰਾਂ ਕੋਠੀਆਂ ਵਿੱਚ ਕਿਉਂ ਰਹਿ ਰਹੇ ਹਾਂ? ਉਸ ਵੇਲੇ ਤਾਂ ਔਰਤਾਂ ਸਕੂਲ ਜਾਂ ਮਦਰੱਸੇ ਜਾ ਕੇ ਪੜ੍ਹ ਨਹੀਂ ਸਕਦੀਆਂ ਸਨ ਅੱਜ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਕਿਉਂ ਪੜ੍ਹਾ ਰਹੇ ਹਾਂ? ਉਸ ਵੇਲੇ ਔਰਤ ਨੌਕਰੀ ਜਾਂ ਖੇਤੀ ਵੀ ਨਹੀਂ ਸੀ ਕਰ ਸਕਦੀ ਅੱਜ ਕਿਉਂ ਨੌਕਰੀਆਂ (ਜੌਬਾਂ) ਕਰਵਾ ਰਹੇ ਹਾਂ? ਉਸ ਵੇਲੇ ਤਾਂ ਸ਼ੂਦਰਾਂ ਨੂੰ ਪ੍ਰਭੂ ਭਗਤੀ ਕਰਨ ਜਾਂ ਧਰਮ ਅਸਥਾਂਨ ਚ’ ਜਾਣ ਦਾ ਅਧਿਕਾਰ ਹੀ ਨਹੀਂ ਸੀ ਅੱਜ ਕਿਉਂ ਹੈ?

ਸੋ ਜਿਉਂ ਜਿਉਂ ਜ਼ਮਾਨਾਂ ਤਰੱਕੀ ਕਰਦਾ ਹੈ ਮਨੁੱਖਤਾ ਦਾ ਰਹਿਣ ਸਹਿਣ ਤੇ ਰਹੁ ਰੀਤਾਂ ਵੀ ਬਦਲਦੀਆਂ ਹਨ।ਸਦਾ ਲਈ ਕਿਸੇ ਦੇ ਹੱਕ ਨਹੀਂ ਦਬਾਏ ਜਾ ਸਕਦੇ ਜਦੋਂ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਜਾਂਦਾ ਹੈ ਆਪੇ ਹੀ ਆਪਣੇ ਹੱਕ ਲੈ ਲੈਂਦਾ ਹੈ।ਇਸੇ ਤਰ੍ਹਾ ਹੀ ਸਿੱਖ ਔਰਤ ਵੀ ਜੋ ਅੱਜ ਪੜ੍ਹ ਲਿਖ ਕੇ, ਹਰ ਖੇਤਰ ਵਿੱਚ ਮਰਦ ਦੇ ਨਾਲ ਬਰਾਬਰ ਕੰਮ ਕਰ ਰਹੀ ਹੈ, ਧਾਰਮਿਕ ਤੌਰ ਤੇ ਵੀ ਬਰਾਬਰ ਦੀ ਹੱਕਦਾਰ ਹੈ। ਉਸ ਨੇ ਹੁਣ ਬ੍ਰਾਹਮਣਵਾਦੀ ਸਾਧਾਂ-ਸੰਤਾਂ ਅਤੇ ਪ੍ਰੋਹਿਤਵਾਦੀ ਸਿੱਖ ਆਗੂਆਂ ਤੋਂ ਆਪਣੇ ਆਪ ਲੈ ਲੈਣੇ ਹਨ ਕਿਉਂਕਿ ਗੁਰਬਾਣੀ ਇਹ ਹੱਕ ਉਨ੍ਹਾਂ ਨੂੰ ਦੇ ਰਹੀ ਹੈ। ਹਿੰਦੂ ਮੰਦਰ ਵਿੱਚ ਤੇ ਮੁਸਲਿਮ ਮਸਜਿਦ ਵਿੱਚ ਔਰਤ ਨੂੰ ਇਹ ਹੱਕ ਨਹੀਂ ਹਨ ਪਰ ਅਸੀਂ ਨਾਂ ਹਿੰਦੂ ਅਤੇ ਨਾਂ ਹੀ ਮੁਸਲਮਾਨ ਹਾਂ-ਨਾ ਹਮ ਹਿੰਦੂ ਨਾ ਮੁਸਲਮਾਨ॥ ਅਲਾਹ ਰਾਮ ਕੇ ਪਿੰਡ ਪਰਾਨ॥ (ਗੁਰੂ ਗ੍ਰੰਥ) ਇਸਤਰੀ ਪੁਰਖ ਲਈ ਊਚ ਨੀਚ ਦੇ ਫਰਕ ਨੂੰ ਮੇਟਦੇ ਹੋਏ ਫੁਰਮਾਂਦੇ ਹਨ ਕਿ-ਇਸੁ ਜਗ ਮਹਿ ਪੁਰਖ ਏਕੁ ਹੈ ਹੋਰਿ ਸਗਲੀ ਨਾਰਿ ਸਬਾਈ॥

(ਗੁਰੂ ਗ੍ਰੰਥ) ਹੋਰ ਵੀ ਫੁਰਮਾਂਦੇ ਹਨ-ਹਮ ਸ਼ਹ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ॥ ਭਾਵ ਇਸ ਸੰਸਾਰ ਵਿੱਚ ਕਰਤਾ ਪੁਰਖੁ ਪ੍ਰਮਾਤਮਾਂ ਕੇਵਲ ਤੇ ਕੇਵਲ ਇੱਕ ਹੀ ਹੈ ਹੋਰ ਸਭ ਨਰ-ਨਾਰ ਜੀਵ ਰੂਪ ਇਸਤਰੀਆਂ ਹੀ ਹਨ। ਗੁਰੂ ਸਾਹਿਬਾਂਨ ਨੇ ਗੁਰਬਾਣੀ ਵੀ ਇਸਤਰੀ ਰੂਪ ਹੋ ਉਚਾਰਣ ਕੀਤੀ ਹੈ। ਇਸ ਲਈ ਸੰਸਾਰ ਭਰ ਦੀਆਂ ਔਰਤਾਂ (ਇਸਤਰੀਆਂ) ਨੂੰ ਗੁਰੂ ਬਾਬਾ ਨਾਨਕ, ਉਨ੍ਹਾਂ ਦੇ ਬਾਕੀ ਜਾਂਨਸ਼ੀਨਾਂ ਅਤੇ ਰੱਬੀ ਭਗਤਾਂ ਦੀ ਬਾਣੀ ਦੇ ਖਜ਼ਾਨੇ “ਗੁਰੂ ਗ੍ਰੰਥ ਸਾਹਿਬ” ਜੀ ਨੂੰ ਸਮਰਪਿਤ ਹੋ ਕੇ ਇਸ ਦੇ ਸਿਧਾਂਤਾਂ ਨੂੰ ਧਾਰਨਾ ਅਤੇ ਪ੍ਰਚਾਰਨਾ ਚਾਹੀਦਾ ਹੈ। ਇਸ ਪ੍ਰਚਾਰ ਨਾਲ ਭਰੂਣ ਹੱਤਿਆ ਵੀ ਰੋਕੀ ਅਤੇ ਲੜਕੀ-ਲੜਕੇ ਦਾ ਫਰਕ ਵੀ ਮੇਟਿਆ ਜਾ ਸਕਦਾ ਹੈ। ਜੇ ਸੰਸਾਰ ਦੀਆਂ ਔਰਤਾਂ ਇਮਾਨਦਾਰੀ ਨਾਲ ਜਗਤ ਰਹਿਬਰ ਬਾਬਾ ਨਾਨਕ ਜੀ ਦੇ ਸੰਸਾਰ ਨੂੰ ਦਿੱਤੇ ਸਿਧਾਂਤਾਂ ਤੇ ਪਹਿਰਾ ਦੇਣ ਲੱਗ ਜਾਣ ਤਾਂ ਸੁਚੇਤ ਹੋ ਕੇ ਆਪਣੇ ਹੱਕ ਪ੍ਰਾਪਤ ਕਰ ਸਕਦੀਆਂ ਹਨ।

Image result for guru nanak dev ji

Share

Leave a Reply

Your email address will not be published. Required fields are marked *