ਚੰਡੀਗੜ੍ਹ,: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਨਰਾਜ਼ਗੀ ਦੀ ਹਰ ਪਾਸੇ ਚਰਚਾ ਹੈ। ਕਾਂਗਰਸ ਦੇ ਵਿਧਾਇਕ ਵੀ ਇਸ ਗੱਲ ਦਾ ਬੁਰਾ ਮਨਾ ਰਹੇ ਹਨ ਕਿ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਦੇ ਮਾਮਲੇ ‘ਚ ਨਵਜੋਤ ਸਿੰਘ ਸਿੱਧੂ ਨਾਲ ਧੱਕਾ ਕੀਤਾ ਗਿਆ ਹੈ। ਕਈ ਵਿਧਾਇਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਵਿਭਾਗ ਦੇ ਮੰਤਰੀ ਅਤੇ ਅੰਮ੍ਰਿਤਸਰ ਦੇ ਲੋਕ ਪ੍ਰਤੀਨਿਧ ਨੂੰ ਇਹ ਮਾਣ ਦੇਣਾ ਬਣਦਾ ਸੀ ਕਿ ਉਹ ਹੀ ਮੇਅਰ ਦਾ ਨਾਮ ਦਾ ਐਲਾਨ ਕਰਦੇ। ਪਰ ਸਿੱਧੂ ਨੂੰ ਜਾਣ ਬੁੱਝਕੇ ਇਸ ਮਾਮਲੇ ਤੋਂ ਦੂਰ ਰੱਖਿਆ ਗਿਆ ਜਿਸ ਕਾਰਨ ਉਹ ਨਰਾਜ਼ ਹੋ ਗਏ ਹਨ। ਸਿੱਧੂ ਇਸ ਕਾਰਨ ਵੀ ਨਰਾਜ਼ ਹਨ ਕਿ ਉਸਦੇ ਕਿਸੇ ਵੀ ਹਮਾਇਤੀ ਨੂੰ ਕੋਈ ਵੀ ਅਹੁਦਾ ਨਹੀਂ ਦਿਤਾ ਗਿਆ।
ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਸਾਲਸੀਆਂ ਨੇ ਮਨਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਸਿੱਧੂ ਅਪਣੇ ਸਟੈਂਡ ‘ਤੇ ਅਜੇ ਵੀ ਕਾਇਮ ਹਨ। ਸਿਆਸੀ ਹਲਕਿਆਂ ਵਿਚ ਇਹ ਚਰਚਾ ਚਲ ਪਈ ਹੈ ਕਿ ਪੰਜਾਬ ਕਾਂਗਰਸ ਦੀ ਇਹ ਅੰਦਰੂਨੀ ਲੜਾਈ ਹੋਰ ਵੀ ਵਧ ਸਕਦੀ ਹੈ। ਕਾਂਗਰਸੀ ਵਿਧਾਇਕਾਂ ਵਿਚ ਪਹਿਲਾਂ ਮੰਤਰੀ ਮੰਡਲ ਦੇ ਵਿਸਥਾਰ ਨਾ ਕਰਨ ਨੂੰ ਲੈ ਕੇ ਨਰਾਜ਼ਗੀ ਚੱਲ ਰਹੀ ਹੈ। ਹੁਣ ਸਿੱਧੂ ਦੀ ਨਰਾਜ਼ਗੀ ਚੱਲ ਪਈ ਹੈ ਜਿਸਨੂੰ ਹੋਰ ਵਿਧਾਇਕਾਂ ਦੀ ਹਮਾਇਤ ਵੀ ਹਾਸਲ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ ਨਰਾਜ਼ ਚਲ ਰਹੇ ਹਨ।
ਜਿਸ ਕਾਰਨ ਹੁਣ ਚਰਚਾ ਇਹ ਚੱਲ ਪਈ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਬ੍ਰਿਗੇਡ ਵਾਲੇ ਵਿਧਾਇਕ ਅਤੇ ਨਵਜੋਤ ਸਿੰਘ ਸਿੱਧੂ ਦੇ ਹਮਾਇਤੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਅੰਦਰੂਨੀ ਜੋੜ ਤੋੜ ਕਰ ਸਕਦੇ ਹਨ। ਚਰਚਾ ਇਹ ਵੀ ਹੈ ਪੰਜਾਬ ਕਾਂਗਰਸ ਵਿਚ ਇਹ ਖਿੱਚੋਤਾਣ ਵੀ ਚੱਲ ਪਈ ਹੈ ਕਿ ਡਿਪਟੀ ਮੁੱਖ ਮੰਤਰੀ ਦਾ ਤਾਜ਼ ਕਿਸ ਨੂੰ ਪਹਿਨਾਇਆ ਜਾਵੇ। ਡਿਪਟੀ ਮੁੱਖ ਮੰਤਰੀ ਦੀ ਦੌੜ ਵਿਚ ਨਵਜੋਤ ਸਿੰਘ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਸ਼ਾਮਲ ਹਨ। ਮੰਤਰੀ ਮੰਡਲ ਵਿਚ ਵਾਧਾ ਫਰਵਰੀ ਦੇ ਅਖੀਰ ਜਾਂ ਮਾਰਚ ਮਹੀਨੇ ਦੇ ਸ਼ੁਰੂ ਵਿਚ ਹੋਣ ਦੀ ਸੰਭਾਵਨਾ ਹੈ।