‘ਸਿੱਖਾਂ ਵਾਂਗ ਹਰ ਖੇਤਰ ਵਿੱਚ ਛਾਉਣਾ ਸਿੱਖੋ’-ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ VC ਨੇ ਦੇਸ਼ ਦੇ ਮੁਸਲਮਾਨਾਂ ਨੂੰ ਦਿੱਤਾ ਸੁਝਾਅ

Share

‘ਸਿੱਖਾਂ ਵਾਂਗ ਹਰ ਖੇਤਰ ਵਿੱਚ ਛਾਉਣਾ ਸਿੱਖੋ’-ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ VC ਨੇ ਦੇਸ਼ ਦੇ ਮੁਸਲਮਾਨਾਂ ਨੂੰ ਦਿੱਤਾ ਸੁਝਾਅ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜ਼ਮੀਰ-ਉਦ-ਦੀਨ ਸ਼ਾਹ ਨੇ ਭਾਰਤੀ ਮੁਸਲਮਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਕਜੁੱਟ ਹੋਣ, ਪਰ ਆਪਣੀ ਪਛਾਣ ਕਾਇਮ ਰੱਖਦਿਆਂ ਹੋਰ ਕਿਸੇ ਧਰਮ ‘ਚ ਜਜ਼ਬ ਨਾ ਹੋਣ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਨੂੰ ਰਾਸ਼ਟਰ ਨਿਰਮਾਣ, ਕੌਮੀ ਸੁਰੱਖਿਆ ਅਤੇ ਅਰਥਚਾਰੇ ‘ਚ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਹੀ ਮੁਸਲਮਾਨਾਂ ਦੀ ਚੜ੍ਹਤ ਹੋਏਗੀ।ਭਾਰਤੀ ਥਲ ਸੈਨਾ ਦੇ ਸਾਬਕਾ ਉਪ ਮੁਖੀ ਦਾ ਮੰਨਣਾ ਹੈ ਕਿ ਆਧੁਨਿਕ ਸਿੱਖਿਆ ਹਾਸਲ ਕਰਕੇ ਮੁਸਲਮਾਨ ਭਾਈਚਾਰਾ ਚੁਣੌਤੀਆਂ ਦਾ ਮੁਕਾਬਲਾ ਕਰ ਸਕਦਾ ਹੈ।

ਸ੍ਰੀ ਸ਼ਾਹ ਨੇ ਖਬਰ ਏਜੰਸੀ ਆਈ ਏ ਐਨ ਐਸ ਨਾਲ ਇੰਟਰਵਿਊ ‘ਚ ਸਿੱਖ ਕੌਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇ ਮੁਸਲਮਾਨ ਸਿੱਖਿਅਤ ਹੋਣਗੇ ਤਾਂ ਉਨ੍ਹਾਂ ਨੂੰ ਕੋਈ ਅਣਗੌਲਿਆਂ ਨਹੀਂ ਕਰ ਸਕੇਗਾ।ਉਨ੍ਹਾਂ ਕਿਹਾ, ‘ਸਿੱਖਾਂ ਵੱਲ ਦੇਖੋ, ਉਹ ਆਬਾਦੀ ਦਾ ਤਿੰਨ ਫੀਸਦੀ ਹਨ, ਪਰ ਉਹ ਹਰ ਥਾਈਂ ਨਜ਼ਰ ਆਉਂਦੇ ਹਨ, ਕਿਉਂਕਿ ਉਹ ਸਿੱਖਿਆ ਨੂੰ ਤਰਜੀਹ ਦਿੰਦੇ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਅਣਗੌਲਿਆਂ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜੇ ਆਬਾਦੀ ਦੇ 15 ਫੀਸਦੀ

ਮੁਸਲਮਾਨ ਪੜ੍ਹ ਲਿਖ ਜਾਣ ਤਾਂ ਉਹ ਭਵਿੱਖ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਣਗੇ ਅਤੇ ਸਾਨੂੰ ਕੋਈ ਪਿੱਛੇ ਨਹੀਂ ਕਰੇਗਾ।’ਮਸ਼ਹੂਰ ਫਿਲਮ ਅਦਾਕਾਰ ਨਸੀਰੂਦੀਨ ਸ਼ਾਹ ਦੇ ਵੱਡੇ ਭਰਾ ਸ੍ਰੀ ਸ਼ਾਹ ਨੇ ਸਰਕਾਰ ਤੋਂ ਰਾਖਵਾਂਕਰਨ ਮਿਲਣ ਨੂੰ ਹਥਿਆਰ ਨਾ ਬਣਾਉਣ ਦੀ ਵਕਾਲਤ ਕਰਦਿਆਂ ਸਾਰਿਆਂ ਲਈ ਬਰਾਬਰੀ ਦੇ ਮੌਕੇ ਹਾਸਲ ਕਰਨ ਲਈ ਕਿਹਾ। ਉਨ੍ਹਾਂ ਮੁਸਲਮਾਨਾਂ ਨੂੰ ਸਰਕਾਰ ਤੋਂ ਘੱਟ ਗਿਣਤੀ ਸੰਸਥਾਵਾਂ ਖੋਲ੍ਹਣ ‘ਤੇ ਜ਼ੋਰ ਪਾਉਣ ਲਈ ਕਿਹਾ।

ਭਾਰਤੀ ਫੌਜ ਨੂੰ ਦੇਸ਼ ਦਾ ਸਭ ਤੋਂ ਵੱਧ ਧਰਮ ਨਿਰਪੱਖ ਅਦਾਰਾ ਕਰਾਰ ਦਿੰਦਿਆਂ ਉਨ੍ਹਾਂ ਨੌਜਵਾਨ ਮੁਸਲਮਾਨਾਂ ਨੂੰ ਹਥਿਆਰਬੰਦ ਬਲਾਂ ‘ਚ ਭਰਤੀ ਕਰਨ ‘ਤੇ ਜ਼ੋਰ ਲਾਇਆ ਹੋਇਆ ਹੈ। ਉਹ 11ਵੀਂ ਅਤੇ 12ਵੀਂ ਜਮਾਤ ਦੇ ਬੱਚਿਆਂ ਨੂੰ ਸਿਖਲਾਈ ਦੇ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਐਨ ਡੀ ਏ ‘ਚ ਭਰਤੀ ਹੋਣ ਲਈ ਉਤਸ਼ਾਹਤ ਕੀਤਾ ਜਾ ਸਕੇ।ਸਾਢੇ 15 ਸਾਲ ਦੀ ਉਮਰ ‘ਚ ਥਲ ਸੈਨਾ ‘ਚ ਭਰਤੀ ਹੋਏ ਸ੍ਰੀ ਸ਼ਾਹ 2012 ਤੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ।

ਉਨ੍ਹਾਂ ਮਦਰੱਸਿਆਂ ਦੀ ਵਕਾਲਤ ਕਰਦਿਆਂ ਕਿਹਾ ਕਿ ਪੱਛਮੀ ਮੁਲਕ ਭਾਵੇਂ ਉਨ੍ਹਾਂ ਨੂੰ ਦਹਿਸ਼ਤਗਰਦਾਂ ਦੀ ਨਰਸਰੀ ਕਰਾਰ ਦੇਣ, ਪਰ ਇਹ ਮਦਰੱਸੇ ਮਿਆਰੀ ਸਿੱਖਿਆ ਦੀ ਬੁਨਿਆਦ ਬਣੇ ਹੋਏ ਹਨ। ਉਨ੍ਹਾਂ ਮੁਸਲਮਾਨਾਂ ਨਾਲ ਵਿਤਕਰੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਿਹੜੇ ਲੋਕ ਅਨਪੜ੍ਹ ਹਨ, ਉਨ੍ਹਾਂ ਨੂੰ ਅਜਿਹਾ ਜਾਪਦਾ ਹੈ। ਉਨ੍ਹਾਂ ਫੌਜ ਦੀ ਨੌਕਰੀ ਦੌਰਾਨ ਆਪਣੇ ਨਾਲ ਹੋਏ ਵਧੀਆ ਵਤੀਰੇ ਦਾ ਉਦਾਹਰਣ ਵੀ ਦਿੱਤਾ।

Share

Leave a Reply

Your email address will not be published. Required fields are marked *