ਹੁਣ ਗੱਡੀਆਂ ‘ਤੇ ਨੰਬਰ ਪਲੇਟਾਂ ਲਵਾਉਣ ਲਈ ਨਹੀਂ ਹੋਣਾ ਪਵੇਗਾ ਖੱਜਲ-ਖੁਆਰ !!
ਹੁਣ ਗੱਡੀਆਂ ਨਾਲ ਨੰਬਰ ਪਲੇਟਾਂ ਕੰਪਨੀ ਵੱਲੋਂ ਹੀ ਲੱਗੀਆਂ ਹੋਈਆਂ ਆਉਣਗੀਆਂ। ਇਨ੍ਹਾਂ ਦੀ ਕੀਮਤ ਚਾਰ ਪਹੀਆ ਵਾਹਨਾਂ ਦੇ ਮੁੱਲ ’ਚ ਜੁੜੀ ਹੋਵੇਗੀ। ਗਾਹਕਾਂ ਨੂੰ ਵੱਖਰੇ ਤੌਰ ‘ਤੇ ਨੰਬਰ ਪਲੇਟਾਂ ਲਵਾਉਣ ਲਈ ਖੱਜਲ-ਖੁਆਰ ਨਹੀਂ ਹੋਣਾ ਪਏਗਾ।
ਇਸ ਸਮੇਂ ਵੱਖ-ਵੱਖ ਸੂਬਿਆਂ ’ਚ ਨੰਬਰ ਪਲੇਟਾਂ ਲਾਉਣ ਦਾ ਕੰਮ ਨਾਮਜ਼ਦ ਏਜੰਸੀਆਂ ਕਰਦੀਆਂ ਹਨ।ਸੜਕ ਆਵਾਜਾਈ, ਰਾਜਮਾਰਗਾਂ, ਜਹਾਜ਼ਰਾਨੀ, ਜਲ ਸਰੋਤਾਂ ਤੇ ਗੰਗਾ ਸਫ਼ਾਈ ਬਾਰੇ ਮੰਤਰੀ ਗਡਕਰੀ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਬਾਰੇ ਅਹਿਮ ਫ਼ੈਸਲਾ ਲਿਆ ਹੈ। ਹੁਣ ਵਾਹਨ ਮੈਨੂਫੈਕਚਰਰਜ਼ ਪਲੇਟਾਂ ਫਿੱਟ ਕਰਕੇ ਦੇਣਗੇ ਤੇ ਉਸ ’ਤੇ ਨੰਬਰ ਬਾਅਦ ’ਚ ਮਸ਼ੀਨਾਂ ਰਾਹੀਂ ਉਕੇਰੇ ਜਾਣਗੇ।
ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਇਸ ਨਾਲ ਕੁਝ ਰਾਹਤ ਜ਼ਰੂਰ ਮਿਲੇਗੀ।ਕੇਂਦਰੀ ਮੰਤਰੀ ਨੇ ਕਿਹਾ ਕਿ ਨਵੀਂ ਤਕਨਾਲੋਜੀ ਵਾਲੀਆਂ ਨੰਬਰ ਪਲੇਟਾਂ ਨਾਲ ਸੂਬਿਆਂ ’ਚ ਇਕਸਾਰਤਾ ਆਏਗੀ
ਕਿਉਂਕਿ ਪਹਿਲਾਂ ਹਰੇਕ ਸੂਬਾ ਇਨ੍ਹਾਂ ਪਲੇਟਾਂ ਨੂੰ ਖ਼ਰੀਦਦਾ ਸੀ। ਉਨ੍ਹਾਂ ਕਿਹਾ ਕਿ ਸੂਬਿਆਂ ਵੱਲੋਂ ਹਾਸਲ ਕੀਤੀਆਂ ਜਾਂਦੀਆਂ ਨੰਬਰ ਪਲੇਟਾਂ ਦੀ ਗਿਣਤੀ 800 ਤੋਂ 40 ਹਜ਼ਾਰ ਰੁਪਏ ਦਰਮਿਆਨ ਹੁੰਦੀ ਸੀ।
ਮੌਜੂਦਾ ਸਮੇਂ ’ਚ ਨੰਬਰ ਪਲੇਟਾਂ ਸਬੰਧਤ ਸੂਬਿਆਂ ਦੇ ਜ਼ਿਲ੍ਹਾ ਪੱਧਰੀ ਖੇਤਰੀ ਟਰਾਂਸਪੋਰਟ ਦਫ਼ਤਰ ਤੋਂ ਮਿਲਦੀਆਂ ਹਨ।ਗਡਕਰੀ ਨੇ ਕਿਹਾ ਕਿ ਸੁਰੱਖਿਆ ਦੇ ਮਿਆਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ
ਹਰੇਕ ਮਾਡਲ ਲਈ ਸ਼ਰਤਾਂ ਬਰਾਬਰ ਰਹਿਣਗੀਆਂ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੇ ਮਾਮਲੇ ’ਚ ਵੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।